ਅੰਮ੍ਰਿਤਸਰ: ਭਾਰਤ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਦੌਰਾਨ ਬੰਦ ਕੀਤੇ ਕੰਡਿਆਲੀ ਤਾਰਾਂ ਤੋਂ ਪਾਰ ਦੇ ਰਾਹ ਅੱਜ ਤੋਂ ਖੁੱਲ੍ਹ ਰਹੇ ਹਨ। ਇਸ ਸਬੰਧੀ ਜਾਣਕਾਰੀ ਬੀਤੇ ਦਿਨੀਂ ਸਰਹੱਦ 'ਤੇ ਪਹੁੰਚੇ ਪੰਜਾਬ ਦੇ ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਦਿੱਤੀ। ਦੱਸਣਯੋਗ ਹੈ ਕਿ ਕੈਬਿਨਟ ਮੰਤਰੀ ਸ਼ਾਹਪੁਰ ਪਹੁੰਚੇ ਜਿਥੇ ਉਨ੍ਹਾਂ ਨੇ ਜਵਾਨਾਂ ਨੂੰ ਮਠਿਆਈਆਂ ਅਤੇ ਫਲਾਂ ਦੇ ਟੋਕਰੇ ਭੇੇਂਟ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਜਲਦ ਹੀ ਕਿਸਾਨ ਆਪਣੀ ਖੇਤੀ ਲਈ ਤਾਰ ਪਾਰ ਜਾ ਸਕਣਗੇ ਕਿਉਂਕਿ ਭਾਰਤ ਪਾਕਿਸਤਾਨ ਵਿਚਾਲੇ ਹੁਣ ਮਾਹੌਲ ਸ਼ਾਂਤ ਹੈ। ਇਸ ਨਾਲ ਲੋਕਾਂ ਨੂੰ ਡਰਨ ਦੀ ਵੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਫੌਜੀ ਜਵਾਨਾਂ ਵੱਲੋਂ ਪੰਜਾਬ ਅਤੇ ਦੇਸ਼ ਦੀ ਰੱਖਿਆ ਕੀਤੀ ਜਾ ਰਹੀ ਹੈ ਇਸ ਲਈ ਹੁਣ ਸਾਰੇ ਬੇ-ਖੌਫ ਹੋ ਕੇ ਆਪਣੇ ਕੰਮ ਕਾਜ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਜਵਾਨਾਂ ਉੱਤੇ ਮਾਣ ਹੈ ਅਤੇ ਭਵਿੱਖ ਵਿੱਚ ਜਦੋਂ ਵੀ ਕਿਧਰੇ ਇਹਨਾਂ ਨੂੰ ਸਾਡੀ ਲੋੜ ਪਵੇਗੀ ਤਾਂ ਅਸੀਂ ਪੰਜਾਬ ਸਰਕਾਰ ਅਤੇ ਕਿਸਾਨਾਂ ਵੱਲੋਂ ਇਨ੍ਹਾਂ ਦੇ ਨਾਲ ਹਰ ਵੇਲੇ ਖੜਾਂਗੇ। ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਬੀਐਸਐਫ ਅਧਿਕਾਰੀਆਂ ਨਾਲ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕਿਸਾਨਾਂ ਵਾਸਤੇ ਕੱਲ੍ਹ ਤੋਂ ਗੇਟ ਖੋਲ੍ਹਣ ਦਾ ਐਲਾਨ ਕੀਤਾ।