ਅੰਮ੍ਰਿਤਸਰ: ਜ਼ਿਲ੍ਹੇ ਦੀ ਦਾਣਾ ਮੰਡੀ 'ਚ ਪੁਲਿਸ ਵੱਲੋਂ ਇੱਕ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ ਹੈ। ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਇਹ ਬਦਮਾਸ਼ ਪੁਲਿਸ ਨੂੰ ਵੇਖ ਕੇ ਭੱਜਣ ਲੱਗਾ। ਜਿੱਥੇ ਪੁਲਿਸ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਦਮਾਸ਼ ਬਿਕਰਮਜੀਤ ਸਿੰਘ ਵੱਲੋਂ ਪੁਲਿਸ ਉੱਪਰ ਫਾਇਰਿੰਗ ਕੀਤੀ, ਜਿਸ 'ਤੇ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ। ਇਸ ਵਿੱਚ ਬਿਕਰਮਜੀਤ ਦੀ ਸੱਜੀ ਲੱਤ ਵਿੱਚ ਗੋਲੀ ਵੱਜੀ। ਜਿਸ ਕੋਲੋਂ ਮੌਕੇ 'ਤੇ ਦੋ ਪਿਸਤੌਲ ਅਤੇ 8 ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 11 ਜੂਨ ਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਪੰਜ ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਬਿਕਰਮਜੀਤ ਸਿੰਘ ਦੀ ਲੋੜ ਸੀ। ਉਨ੍ਹਾਂ ਦੱਸਿਆ ਕਿ ਬਿਕਰਮਜੀਤ ਪੁਲਿਸ ਉੱਪਰ ਫਾਇਰਿੰਗ ਕਰਕੇ ਭੱਜ ਗਿਆ ਸੀ, ਜਿਸ ਦੌਰਾਨ ਇੱਕ ਰਾਹਗੀਰ ਦੀ ਗੋਲੀ ਵੱਜਣ ਕਰਕੇ ਮੌਤ ਹੋ ਗਈ ਸੀ। ਪੁਲਿਸ ਵੱਲੋਂ ਹੁਣ ਇਸ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।