ਬਰਨਾਲਾ: ਭਦੌੜ ਨੇੜਲੇ ਪਿੰਡ ਤਲਵੰਡੀ ਅਤੇ ਸੈਦੋਕੇ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਮਾਹੌਲ ਬੇਹੱਦ ਤਣਾਅ ਪੂਰਨ ਬਣ ਗਿਆ। ਜਾਣਕਾਰੀ ਅਨੁਸਾਰ ਪਾਵਰਕੌਮ ਭਦੌੜ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਜੋ ਕਿ ਬਰਨਾਲਾ ਜ਼ਿਲ੍ਹੇ ਦਾ ਅਖੀਰਲਾ ਪਿੰਡ ਹੈ, ਵਿੱਚ ਬਣੇ ਬਿਜਲੀ ਗਰਿੱਡ ਵਿੱਚ ਕੋਈ ਤਕਨੀਕੀ ਖਰਾਬੀ ਆਉਣ ਕਾਰਨ ਪਿਛਲੇ ਕਈ ਦਿਨ੍ਹਾਂ ਤੋਂ ਬਰਨਾਲਾ ਜ਼ਿਲ੍ਹੇ ਦੇ ਚਾਰ ਪਿੰਡ ਤਲਵੰਡੀ, ਮੱਝੂਕੇ, ਅਲਕੜਾ ਅਤੇ ਖੜਕ ਸਿੰਘ ਵਾਲਾ ਦੀ ਲਾਈਟ ਬੰਦ ਹੈ। ਜਿਸ ਨੂੰ ਚਲਾਉਣ ਲਈ ਬਿਜਲੀ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਉੱਚ ਅਧਿਕਾਰੀਆਂ ਨੂੰ ਵੀ ਇਸ ਤਕਨੀਕੀ ਖਰਾਬੀ ਨੂੰ ਦੂਰ ਕਰਨ ਲਈ ਇਸ ਬਿਜਲੀ ਗਰਿੱਡ ਵਿੱਚ ਪਹੁੰਚਣਾ ਪਿਆ ਸੀ। ਅਖੀਰ ਚਾਰ ਦਿਨਾਂ ਦੀ ਮਸ਼ੱਕਤ ਤੋਂ ਬਾਅਦ ਬਿਜਲੀ ਗਰਿੱਡ ਵਿੱਚ ਪਏ ਤਕਨੀਕੀ ਨੁਕਸ ਦਾ ਪਤਾ ਚੱਲਿਆ ਕਿ ਜਿੱਥੋਂ ਬਿਜਲੀ ਗਰਿੱਡ ਨੂੰ ਸਪਲਾਈ ਮਿਲ ਰਹੀ ਸੀ ਉਥੋਂ ਇੱਕ ਜੈਂਪਰ ਉਡਿਆ ਹੋਇਆ ਹੈ ਅਤੇ ਇਸ ਦੀ ਭਿਣਕ ਲਾਗਲੇ ਪਿੰਡ ਸੈਦੋਕੇ ਦੇ ਲੋਕਾਂ ਨੂੰ ਲੱਗ ਗਈ। ਕਿਉਂਕਿ ਪਿਛਲੇ ਚਾਰ ਸਾਲਾਂ ਤੋਂ ਦੋਵਾਂ ਪਿੰਡਾਂ ਵਿੱਚ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋ ਚੁੱਕੀ ਹੈ ਅਤੇ ਇਸ ਬਿਜਲੀ ਗਰਿੱਡ 'ਚੋਂ ਬਿਜਲੀ ਲੈ ਜਾਣ ਲਈ ਪਿੰਡ ਸੈਦੋਕੇ ਅਤੇ ਤਲਵੰਡੀ ਦਾ ਕੇਸ ਮਾਨਯੋਗ ਅਦਾਲਤ ਵਿੱਚ ਵੀ ਚੱਲ ਰਿਹਾ ਹੈ। ਜਿਸ ਵਿੱਚ ਤਲਵੰਡੀ ਪਿੰਡ ਵੱਲੋਂ ਸੈਦੋਕੇ ਪਿੰਡ ਨੂੰ ਬਿਜਲੀ ਨਾ ਦੇਣ ਲਈ ਸਟੇਅ ਲਈ ਹੋਈ ਹੈ ਜਿਸ ਦੇ ਚੱਲਦਿਆਂ ਅੱਜ ਸੈਦੋਕੇ ਪਿੰਡ ਦੇ ਲੋਕਾਂ ਵੱਲੋਂ ਜੈਂਪਰ ਲਾਉਣ ਤੋਂ ਬਿਜਲੀ ਅਧਿਕਾਰੀਆਂ ਨੂੰ ਰੋਕ ਦਿੱਤਾ। ਕਿਉਂਕਿ ਜਿਸ ਟਾਵਰ ਤੋਂ ਜੈਂਪਰ ਉਡਿਆ ਹੋਇਆ ਸੀ ਉਹ ਟਾਵਰ ਪਿੰਡ ਸੈਦੋਕੇ ਦੀ ਜ਼ਮੀਨ ਵਿੱਚ ਪੈਂਦਾ ਹੈ ਅਤੇ ਸੈਦੋਕੇ ਪਿੰਡ ਜ਼ਿਲ੍ਹਾ ਮੋਗਾ ਦਾ ਅਖੀਰਲਾ ਪਿੰਡ ਹੈ। ਜਿਸ ਦੇ ਚੱਲਦਿਆਂ ਸਥਿਤੀ ਇੰਨੀ ਤਣਾਅ ਪੂਰਨ ਹੋ ਗਈ ਹੈ ਕਿ ਦੋਵਾਂ ਪਿੰਡਾਂ ਦੇ ਲੋਕ ਡਾਂਗਾਂ ਸੋਟੀਆਂ ਲੈ ਕੇ ਆਪਣੇ ਪਿੰਡਾਂ ਦੀ ਹੱਦ ਉੱਤੇ ਖੜੇ ਹੋ ਗਏ। ਮੌਕੇ ਤੇ ਪੁਲਿਸ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਵਿੱਚ ਪਹੁੰਚ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਗਿਆ।