ਅੰਮ੍ਰਿਤਸਰ ਵਿੱਚ ਇੱਕ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ 'ਤੇ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੀ ਰੇਡ ਮਾਰੀ ਗਈ। ਇਹ ਫੈਕਟਰੀ "ਜੀਕੇ ਫੂਡ" ਨਾਂਅ ਹੇਠ ਚੱਲ ਰਹੀ ਸੀ। ਬਨਸਪਤੀ, ਰਿਫਾਇੰਡ ਅਤੇ ਕੈਮੀਕਲ ਮਿਲਾ ਕੇ ਨਕਲੀ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਸੀ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਿਓ ਗੁਰਦੁਆਰਾ ਸਾਹਿਬਾਂ ਦੇ ਨੇੜੇ ਪਵਿੱਤਰ ਥਾਵਾਂ 'ਤੇ ਵੀ ਖੁੱਲ੍ਹੇਆਮ ਵੇਚਿਆ ਜਾ ਰਿਹਾ ਸੀ। ਇੰਸਪੈਕਟਰ ਹਰਸਿਮਰਪ੍ਰੀਤ ਕੌਰ ਨੇ ਕਿਹਾ ਕਿ ਕਾਫੀ ਸਮੇਂ ਤੋਂ ਇਸ ਫੈਕਟਰੀ 'ਤੇ ਨਜ਼ਰ ਰੱਖੀ ਹੋਈ ਸੀ। ਸਿਹਤ ਵਿਭਾਗ ਨਾਲ ਮਿਲ ਕੇ ਰੇਡ ਕਰਕੇ ਇੱਥੋਂ ਵੱਡੀ ਮਾਤਰਾ ਵਿੱਚ ਨਕਲੀ ਘਿਓ ਬਰਾਮਦ ਕੀਤਾ ਗਿਆ। ਇੱਕ ਕਾਰੀਗਰ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਫੈਕਟਰੀ ਮਾਲਕ ਮੌਕੇ ਤੋਂ ਫਰਾਰ ਹੋ ਗਿਆ। ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮਾਲਕ ਦੀ ਗ੍ਰਿਫਤਾਰੀ ਲਈ ਕਾਰਵਾਈ ਜਾਰੀ ਹੈ।